ਤੁਹਾਡੇ ਸਕ੍ਰੀਨਿੰਗ ਨਤੀਜੇ: ਤੁਹਾਨੂੰ ਛੋਟਾ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ (AAA) ਹੈ
ਅੱਪਡੇਟ ਕੀਤਾ 19 ਨਵੰਬਰ 2024
Applies to England
1. ਇਹ ਪਰਚਾ ਕਿਸਦੇ ਲਈ ਹੈ
ਇਹ ਪੰਨਾ ਉਹਨਾਂ ਮਰਦਾਂ ਲਈ ਜਾਣਕਾਰੀ ਮੁਹੱਈਆ ਕਰਦਾ ਹੈ ਜਿਨ੍ਹਾਂ ਨੂੰ ਪੇਟ ਵਿਚਲੇ ਛੋਟੇ ਐਨਿਉਰਿਜ਼ਮ ਦੀ ਸਕ੍ਰੀਨਿੰਗ (Abdominal Aortic Aneurysm ਜਾਂ AAA ਸਕ੍ਰੀਨਿੰਗ ਵੀ ਕਿਹਾ ਜਾਂਦਾ ਹੈ) ਰਾਹੀਂ ਪਤਾ ਲੱਗਾ ਹੈ ਕਿ ਉਹਨਾਂ ਨੂੰ ਛੋਟਾ ਐਨਿਉਰਿਜ਼ਮ ਹੈ।
1.1 ਤੁਹਾਡੇ AAA ਸਕ੍ਰੀਨਿੰਗ ਦਾ ਨਤੀਜਾ
ਜਦੋਂ ਤੁਹਾਡੀ ਸਕ੍ਰੀਨਿੰਗ ਕੀਤੀ ਗਈ ਤਾਂ ਸਾਨੂੰ ਪਤਾ ਲੱਗਾ ਕਿ ਤੁਹਾਡੀ ਏਓਰਟਾ (ਮਹਾਧਮਣੀ) ਆਮ ਨਾਲੋਂ ਥੋੜ੍ਹੀ ਜ਼ਿਆਦਾ ਚੌੜੀ ਹੈ। ਇਸਦਾ ਮਤਲਬ ਹੈ ਕਿ ਤੁਹਾਨੂੰ ਛੋਟਾ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਹੈ।
- ਛੋਟਾ AAA: 3.0 ਸੈਮੀ ਤੋਂ 4.4 ਸੈਮੀ
- ਦਰਮਿਆਨਾ AAA: 4.5 ਸੈਂਟੀਮੀਟਰ ਤੋਂ 5.4 ਸੈਂਟੀਮੀਟਰ
- ਵੱਡਾ AAA: 5.5 ਸੈਂਟੀਮੀਟਰ ਜਾਂ ਵੱਡਾ
ਸਕ੍ਰੀਨ ਕੀਤੇ ਗਏ 80 ਵਿੱਚੋਂ ਲਗਭਗ 1 ਮਰਦ ਨੂੰ ਛੋਟਾ AAA ਹੁੰਦਾ ਹੈ। ਇਹ ਦੇਖਣ ਲਈ ਕਿ ਕੀ ਇਹ ਵੱਡਾ ਹੋ ਰਿਹਾ ਹੈ ਅਸੀਂ ਹਰੇਕ 12 ਮਹੀਨਿਆਂ ਬਾਅਦ ਤੁਹਾਨੂੰ ਸਕ੍ਰੀਨਿੰਗ ਲਈ ਬੁਲਾਵਾਂਗੇ।
2. ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਕੀ ਹੈ
ਏਓਰਟਾ (ਮਹਾਧਮਣੀ) ਤੁਹਾਡੇ ਸਰੀਰ ਨੂੰ ਖੂਨ ਪਹੁੰਚਾਉਣ ਵਾਲੀ ਖੂਨ ਦੀ ਮੁੱਖ ਨਾੜੀ ਹੈ। ਇਹ ਤੁਹਾਡੇ ਦਿਲ ਤੋਂ ਹੇਠਾਂ ਤੁਹਾਡੀ ਛਾਤੀ ਅਤੇ ਪੇਟ ਵਿੱਚੋਂ ਦੀ ਹੋ ਕੇ ਜਾਂਦੀ ਹੈ।
ਕੁਝ ਲੋਕਾਂ ਵਿੱਚ, ਜਿਵੇਂ-ਜਿਵੇਂ ਉਹਨਾਂ ਦੀ ਉਮਰ ਵੱਧਦੀ ਹੈ, ਪੇਟ ਵਿੱਚ ਏਓਰਟਾ ਦੀ ਕੰਧ ਕਮਜ਼ੋਰ ਹੋ ਸਕਦੀ ਹੈ।
ਉਸ ਤੋਂ ਬਾਅਦ ਇਹ ਫੈਲ ਸਕਦੀ ਹੈ ਅਤੇ ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ ਦਾ ਰੂਪ ਲੈ ਸਕਦੀ ਹੈ।
3. ਛੋਟਾ AAA ਕਿੰਨਾ ਗੰਭੀਰ ਹੁੰਦਾ ਹੈ
ਛੋਟਾ AAA ਗੰਭੀਰ ਨਹੀਂ ਹੁੰਦਾ। ਪਰ, ਐਨਿਉਰਿਜ਼ਮ ਦੇ ਆਕਾਰ ‘ਤੇ ਨਜ਼ਰ ਰੱਖਣਾ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਹੋ ਸਕਦਾ ਹੈ ਇਸ ਦਾ ਆਕਾਰ ਵੱਧ ਜਾਵੇ ਅਤੇ ਇਹ ਵੱਡਾ AAA ਬਣ ਜਾਵੇ।
ਵੱਡਾ ਐਨਿਉਰਿਜ਼ਮ ਬਹੁਤ ਗੰਭੀਰ ਹੋ ਸਕਦਾ ਹੈ ਕਿਉਂਕਿ ਜਿਵੇਂ-ਜਿਵੇਂ ਏਓਰਟਾ ਦੀ ਕੰਧ ਫੈਲਦੀ ਹੈ, ਇਹ ਕਮਜ਼ੋਰ ਹੋ ਜਾਂਦੀ ਹੈ ਅਤੇ ਫੱਟ ਸਕਦੀ ਹੈ, ਜਿਸਦੇ ਕਾਰਨ ਸਰੀਰ ਅੰਦਰ ਖੂਨ ਵੱਗ ਸਕਦਾ ਹੈ। ਜਦੋਂ ਐਨਿਉਰਿਜ਼ਮ ਫੱਟਦਾ ਹੈ ਤਾਂ 100 ਵਿੱਚੋਂ ਲਗਭਗ 85 ਲੋਕਾਂ ਦੀ ਮੌਤ ਹੋ ਜਾਂਦੀ ਹੈ।
ਜ਼ਿਆਦਾਤਰ ਐਨਿਉਰਿਜ਼ਮ ਹੌਲੀ-ਹੌਲੀ ਵਧਦੇ ਹਨ, ਇਸ ਲਈ ਹੋ ਸਕਦਾ ਹੈ ਕਿ ਤੁਹਾਨੂੰ ਕਦੇ ਵੀ ਇੰਨਾ ਵੱਡਾ AAA ਨਾ ਹੋਵੇ ਜਿਸਦੇ ਲਈ ਇਲਾਜ ਦੀ ਲੋੜ ਹੋਵੇ।
4. ਇਸ ਤੋਂ ਬਾਅਦ ਕੀ ਹੋਵੇਗਾ
ਅਸੀਂ ਹਰੇਕ 12 ਮਹੀਨਿਆਂ ਬਾਅਦ ਤੁਹਾਨੂੰ ਸਕੈਨ ਲਈ ਬੁਲਾਵਾਂਗੇ। ਤੁਹਾਡੇ ਅਗਲੇ ਸਕੈਨ ਦੀ ਮਿਤੀ ਤੋਂ ਥੋੜ੍ਹਾ ਜਿਹਾ ਪਹਿਲਾਂ, ਅਸੀਂ ਤੁਹਾਨੂੰ ਇੱਕ ਅਪਾਇੰਟਮੈਂਟ ਲੈਟਰ ਭੇਜਾਂਗੇ। ਅਸੀਂ ਤੁਹਾਡੀ ਕਿਸੇ ਮਾਹਰ ਨਰਸ ਨਾਲ ਗੱਲ ਕਰਵਾਉਣ ਦਾ ਪ੍ਰਬੰਧ ਕਰਾਂਗੇ। ਉਹ ਤੁਹਾਨੂੰ ਤੁਹਾਡੇ ਐਨਿਉਰਿਜ਼ਮ ਦੇ ਸਬੰਧ ਵਿੱਚ ਤੁਹਾਡੀ ਆਮ ਸਿਹਤ ਬਾਰੇ ਸਲਾਹ ਦੇ ਸਕਣਗੇ।
5. ਆਪਣੀ ਸਿਹਤ ਦਾ ਧਿਆਨ ਰੱਖਣਾ
ਹੇਠਾਂ ਦਿੱਤੇ ਸੁਝਾਅ ਤੁਹਾਡੀ ਸਿਹਤ ਦਾ ਧਿਆਨ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ:
- ਜੇ ਤੁਸੀਂ ਤਮਾਕੂਨੋਸ਼ੀ ਕਰਦੇ ਹੋ ਤਾਂ ਤੁਸੀਂ ਇਸ ਨੂੰ ਘਟਾਓ ਜਾਂ ਬੰਦ ਕਰਨ ਦੀ ਕੋਸ਼ਿਸ਼ ਕਰਨ ਲਈ ਮਦਦ ਲਵੋ
- ਯਕੀਨੀ ਬਣਾਓ ਕਿ ਤੁਹਾਡਾ ਬਲੱਡ ਪ੍ਰੈਸ਼ਰ ਸਧਾਰਨ ਹੈ – ਜੇ ਤੁਸੀਂ ਹਾਲ ਵਿੱਚ ਇਸ ਦੀ ਜਾਂਚ ਨਹੀਂ ਕਰਵਾਈ ਹੈ, ਤਾਂ ਇਸ ਦੀ ਜਾਂਚ ਕਰਵਾਉਣੀ ਚੰਗੀ ਗੱਲ ਹੈ
- ਸਿਹਤਮੰਦ, ਸੰਤੁਲਿਤ ਖੁਰਾਕ ਖਾਓ ਅਤੇ ਚਰਬੀਦਾਰ ਭੋਜਨ ਨੂੰ ਘਟਾਓ
- ਜੇ ਤੁਹਾਡਾ ਭਾਰ ਵੱਧ ਹੈ ਤਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰੋ
- ਨਿਯਮਿਤ ਤੌਰ ‘ਤੇ ਕਸਰਤ ਕਰੋ
- ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਸਮਝਦਾਰੀ ਵਾਲੀਆਂ ਸੀਮਾਵਾਂ ਦੇ ਅੰਦਰ ਰਹੋ
ਤੁਹਾਨੂੰ ਆਪਣੀ ਜੀਵਨਸ਼ੈਲੀ ਵਿੱਚ ਕੋਈ ਹੋਰ ਤਬਦੀਲੀਆਂ ਕਰਨ ਦੀ ਲੋੜ ਨਹੀਂ ਹੈ ਅਤੇ ਕਿਸੇ ਵੀ ਖੇਡਾਂ ਜਾਂ ਸ਼ੌਕਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ।
ਤੁਹਾਡੀ ਜੀਪੀ ਪ੍ਰੈਕਟਿਸ ਤੁਹਾਨੂੰ ਉਪਰੋਕਤ ਸਾਰੀਆਂ ਗੱਲਾਂ ਬਾਰੇ ਸਲਾਹ ਦੇ ਸਕੇਗੀ ਅਤੇ ਹੋ ਸਕਦਾ ਹੈ ਕਿ ਉਹ ਤੁਹਾਨੂੰ ਦਵਾਈ ਦੇਣਾ ਜਾਂ ਤੁਹਾਡੀ ਵਰਤਮਾਨ ਦਵਾਈ ਦੀ ਸਮੀਖਿਆ ਕਰਨੀ ਚਾਹੇ।
6. ਤੁਹਾਨੂੰ ਕਿੰਨੀ ਵਾਰ ਵਾਪਸ ਆਉਣ ਦੀ ਲੋੜ ਹੁੰਦੀ ਹੈ
ਹਰੇਕ ਵਿਅਕਤੀ ਵੱਖਰਾ ਹੁੰਦਾ ਹੈ, ਇਸ ਲਈ ਇਹ ਕਹਿਣਾ ਸੰਭਵ ਨਹੀਂ ਹੈ ਕਿ ਤੁਹਾਨੂੰ ਸਹੀ-ਸਹੀ ਕਿੰਨੇ ਸਕੈਨਾਂ ਵਾਸਤੇ ਵਾਪਸ ਆਉਣ ਦੀ ਲੋੜ ਪਵੇਗੀ।
ਅਸੀਂ ਹਰੇਕ 12 ਮਹੀਨਿਆਂ ਬਾਅਦ ਤੁਹਾਨੂੰ ਸਕੈਨ ਵਾਸਤੇ ਬੁਲਾਉਣਾ ਜਾਰੀ ਰੱਖਾਂਗੇ ਜਦ ਤਕ ਕਿ ਹੇਠਾਂ ਲਿਖਿਆ ਨਹੀਂ ਹੁੰਦਾ ਹੈ:
- ਤੁਹਾਡੀ ਏਓਰਟਾ ਵੱਧ ਕੇ 4.5 ਸੈਂਟੀਮੀਟਰ ਦੀ ਹੋ ਜਾਂਦੀ ਹੈ ਜਿਸ ਵੇਲੇ ਅਸੀਂ ਤੁਹਾਨੂੰ ਹਰ 3 ਮਹੀਨਿਆਂ ਬਾਅਦ ਸਕੈਨ ਲਈ ਬੁਲਾਵਾਂਗੇ।
- ਕਈ ਦੁਹਰਾਏ ਗਏ ਸਕੈਨ ਦਿਖਾਉਂਦੇ ਹਨ ਕਿ ਤੁਹਾਡੀ ਏਓਰਟਾ ਦਾ ਆਕਾਰ ਵੱਧ ਨਹੀਂ ਰਿਹਾ ਹੈ, ਜਿਸਦਾ ਮਤਲਬ ਹੈ ਕਿ ਇਹ ਇਸ ਦੁਆਰਾ ਕੋਈ ਸਮੱਸਿਆਵਾਂ ਹੋਣ ਦੀ ਸੰਭਾਵਨਾ ਨਹੀਂ ਹੈ
- ਤੁਹਾਡੀ ਏਓਰਟਾ ਦਾ ਆਕਾਰ ਵੱਧ ਕੇ 5.5 ਸੈਂਟੀਮੀਟਰ ਜਾਂ ਵੱਧ ਹੋ ਜਾਂਦਾ ਹੈ, ਜਾਂ 12-ਮਹੀਨੇ ਦੀ ਮਿਆਦ ਵਿੱਚ 1 ਸੈਂਟੀਮੀਟਰ ਤੋਂ ਜ਼ਿਆਦਾ ਵੱਧ ਜਾਂਦਾ ਹੈ – ਅਸੀਂ ਹੋਰ ਟੈਸਟਾਂ ਅਤੇ ਸੰਭਾਵੀ ਇਲਾਜ ਬਾਰੇ ਗੱਲ ਕਰਨ ਲਈ ਇੱਕ ਮਾਹਰ ਨਾਲ ਅਪਾਇੰਟਮੈਂਟ ਦਾ ਪ੍ਰਬੰਧ ਕਰਾਂਗੇ
6.1 ਤੁਸੀਂ ਹੁਣ ਆਪਰੇਸ਼ਨ ਕਿਉਂ ਨਹੀਂ ਕਰਵਾ ਸਕਦੇ ਹੋ
ਸਾਰੇ ਆਪਰੇਸ਼ਨਾਂ ਦੇ ਜੋਖਮ ਹੁੰਦੇ ਹਨ ਅਤੇ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਕੋਈ ਵੱਖਰਾ ਨਹੀਂ ਹੈ।
ਰਿਸਰਚ ਦਿਖਾਉਂਦੀ ਹੈ ਕਿ ਛੋਟੇ ਐਨਿਉਰਿਜ਼ਮ ਦਾ ਇਲਾਜ ਕਰਨ ਦੇ ਜ਼ਿਆਦਾ ਜੋਖਮ ਹਨ, ਬਜਾਏ ਇਸਦੇ ਕਿ ਐਨਿਉਰਿਜ਼ਮ ਦੀ ਨਿਗਰਾਨੀ ਕੀਤੀ ਜਾਵੇ ਅਤੇ ਇਸਦਾ ਸਿਰਫ ਤਾਂ ਇਲਾਜ ਕੀਤਾ ਜਾਵੇ ਜੇ ਇਸਦਾ ਆਕਾਰ ਵੱਧ ਕੇ 5.5 ਸੈਂਟੀਮੀਟਰ ਜਾਂ ਵੱਧ ਹੋ ਜਾਂਦਾ ਹੈ।
7. ਲੱਛਣ
ਜੇ ਤੁਹਾਨੂੰ ਐਨਿਉਰਿਜ਼ਮ ਹੈ, ਤਾਂ ਆਮ ਤੌਰ ‘ਤੇ ਤੁਸੀਂ ਕੋਈ ਲੱਛਣ ਨਹੀਂ ਦੇਖੋਗੇ, ਇਸ ਲਈ ਤੁਹਾਨੂੰ ਛੋਟੇ ਐਨਿਉਰਿਜ਼ਮ ਦੇ ਕਾਰਨ ਕੋਈ ਦਰਦ ਜਾਂ ਬੇਆਰਾਮੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਜੇ ਤੁਸੀਂ ਕਿਸੇ ਵੀ ਕਾਰਨ ਕਰਕੇ ਹਸਪਤਾਲ ਜਾਂਦੇ ਹੋ, ਤਾਂ ਤੁਹਾਨੂੰ ਸਟਾਫ ਨੂੰ ਦੱਸਣਾ ਚਾਹੀਦਾ ਹੈ ਕਿ ਤੁਹਾਨੂੰ ਸਕ੍ਰੀਨਿੰਗ ਰਾਹੀਂ ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ ਦਾ ਪਤਾ ਲੱਗਾ ਹੈ।
ਜੇ ਸਕ੍ਰੀਨਿੰਗ ਦੇ ਨਤੀਜੇ ਬਾਰੇ ਤੁਹਾਡੇ ਕੋਈ ਪ੍ਰਸ਼ਨ ਹੋਣ, ਤਾਂ ਤੁਸੀਂ ਆਪਣੇ ਸਥਾਨਕ ਸਕ੍ਰੀਨਿੰਗ ਪ੍ਰੋਗਰਾਮ ਨੂੰ ਫੋਨ ਕਰ ਸਕਦੇ ਹੋ। ਜੇ ਤੁਸੀਂ ਆਮ ਤੌਰ ‘ਤੇ ਬਿਮਾਰ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਆਪਣੇ ਜੀਪੀ ਨਾਲ ਗੱਲ ਕਰਨੀ ਚਾਹੀਦੀ ਹੈ।
8. ਨਜ਼ਦੀਕੀ ਪਰਿਵਾਰ
ਜੇ ਤੁਹਾਡੇ ਭਰਾ, ਭੈਣ ਜਾਂ ਮਾਤਾ/ਪਿਤਾ ਨੂੰ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਹੈ, ਜਾਂ ਹੋਇਆ ਸੀ ਤਾਂ ਤੁਹਾਨੂੰ AAA ਹੋਣ ਦਾ ਜੋਖਮ ਵੱਧ ਜਾਂਦਾ ਹੈ।
ਇਸ ਲਈ ਤੁਹਾਨੂੰ ਆਪਣੇ ਭਰਾਵਾਂ, ਭੈਣਾਂ ਜਾਂ ਬੱਚਿਆਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਤੁਹਾਨੂੰ AAA ਹੋਣ ਦਾ ਮਤਲਬ ਹੈ ਕਿ ਉਹਨਾਂ ਨੂੰ ਵੀ ਇਸਦਾ ਜੋਖਮ ਹੈ। ਉਹ, ਜਿਸ ਉਮਰ ‘ਤੇ ਤੁਹਾਡੇ AAA ਦਾ ਪਤਾ ਲੱਗਾ ਸੀ, ਉਸ ਨਾਲੋਂ 5 ਸਾਲ ਘੱਟ ਉਮਰ ‘ਤੇ ਆਪਣੇ ਜੀਪੀ ਨੂੰ ਸਕੈਨ ਕਰਵਾਉਣ ਬਾਰੇ ਪੁੱਛ ਸਕਦੇ ਹਨ।
9. ਡ੍ਰਾਇਵਿੰਗ
ਕਾਰ ਦੇ ਡ੍ਰਾਈਵਰ:
- ਜੇ ਤੁਹਾਡਾ ਐਨਿਉਰਿਜ਼ਮ 6 ਸੈਂਟੀਮੀਟਰ ਤੋਂ ਵੱਧ ਜਾਂਦਾ ਹੈ ਤਾਂ ਤੁਹਾਡੇ ਲਈ DVLA ਨੂੰ ਦੱਸਣਾ ਜ਼ਰੂਰੀ ਹੁੰਦਾ ਹੈ।
- ਜੇ ਤੁਹਾਡਾ ਐਨਿਉਰਿਜ਼ਮ ਵੱਧ ਕੇ 6.5 ਸੈਂਟੀਮੀਟਰ ਹੋ ਜਾਂਦਾ ਹੈ ਤਾਂ ਤੁਹਾਡਾ ਲਾਇਸੈਂਸ ਮੁਲਤਵੀ ਕਰ ਦਿੱਤਾ ਜਾਵੇਗਾ।
- ਤੁਹਾਡੇ ਐਨਿਉਰਿਜ਼ਮ ਦਾ ਸਫਲਤਾ ਨਾਲ ਇਲਾਜ ਕਰ ਦਿੱਤੇ ਜਾਣ ਬਾਅਦ ਤੁਹਾਡਾ ਲਾਇਸੈਂਸ ਬਹਾਲ ਕਰ ਦਿੱਤਾ ਜਾਵੇਗਾ।
ਬੱਸ, ਕੋਚ ਅਤੇ ਲਾਰੀ ਡ੍ਰਾਈਵਰ:
- ਤੁਹਾਡੇ ਲਈ DVLA ਨੂੰ ਇਹ ਸੂਚਿਤ ਕਰਨਾ ਜ਼ਰੂਰੀ ਹੈ ਕਿ ਤੁਹਾਨੂੰ ਐਨਿਉਰਿਜ਼ਮ ਹੈ।
- ਜੇ ਤੁਹਾਡਾ ਐਨਿਉਰਿਜ਼ਮ ਵੱਧ ਕੇ 5.5 ਸੈਂਟੀਮੀਟਰ ਹੋ ਜਾਂਦਾ ਹੈ ਤਾਂ ਤੁਹਾਡਾ ਲਾਇਸੈਂਸ ਮੁਲਤਵੀ ਕਰ ਦਿੱਤਾ ਜਾਵੇਗਾ।
- ਤੁਹਾਡੇ ਐਨਿਉਰਿਜ਼ਮ ਦਾ ਸਫਲਤਾ ਨਾਲ ਇਲਾਜ ਕਰ ਦਿੱਤੇ ਜਾਣ ਬਾਅਦ ਤੁਹਾਡਾ ਲਾਇਸੈਂਸ ਬਹਾਲ ਕਰ ਦਿੱਤਾ ਜਾਵੇਗਾ।
10. ਸਿਹਤ-ਸੰਬੰਧੀ ਬੀਮਾ
ਯਾਤਰਾ ਜਾਂ ਸਿਹਤ ਨਾਲ ਸਬੰਧਤ ਕਿਸੇ ਹੋਰ ਬੀਮੇ ਲਈ ਦਰਖਾਸਤ ਦਿੰਦੇ ਸਮੇਂ ਜੇ ਤੁਸੀਂ ਆਪਣੇ AAA ਬਾਰੇ ਦੱਸਦੇ ਹੋ ਤਾਂ ਤੁਹਾਡੇ ਤੋਂ ਵਾਧੂ ਪ੍ਰੀਮਿਅਮ ਲਿਆ ਜਾ ਸਕਦਾ ਹੈ ਜਾਂ ਤੁਹਾਡੀ ਬਿਮਾਰੀ ਨੂੰ ਬੀਮਾ ਕਵਰ ਤੋਂ ਬਾਹਰ ਕਰ ਦਿੱਤਾ ਜਾਵੇਗਾ। ਬੀਮਾ ਕਵਰ ਲੱਭਦੇ ਸਮੇਂ, ਕੋਈ ਬ੍ਰੋਕਰ ਮਦਦ ਕਰ ਸਕਦਾ ਹੈ। ਬ੍ਰਿਟਿਸ਼ ਇਨਸ਼ੋਰੈਂਸ ਬ੍ਰੋਕਰਸ ਐਸੋਸਿਏਸ਼ਨ ਇੱਕ ‘ਬ੍ਰੋਕਰ ਲੱਭੋ’ ਸੇਵਾ ਚਲਾਉਂਦੀ ਹੈ। ‘ਤੇ ਜਾਓ ਜਾਂ 0370 950 1790 ‘ਤੇ ਕਾਲ ਕਰੋ।
11. ਵਧੇਰੇ ਜਾਣਕਾਰੀ
ਤੁਹਾਨੂੰ ਹੋਰ ਜਾਣਕਾਰੀ ਇੱਥੇ ਮਿਲ ਸਕਦੀ ਹੈ:
- ਤੁਹਾਡੀ GP ਪ੍ਰੈਕਟਿਸ
- ਤੁਹਾਡਾ ਸਥਾਨਕ ਸਕ੍ਰੀਨਿੰਗ ਪ੍ਰੋਗਰਾਮ
- NHS ਚੋਇਸੀਜ਼
- ਸਰਕੁਲੇਸ਼ਨ ਫਾਉਂਡੇਸ਼ਨ
- ਬ੍ਰਿਟਿਸ਼ ਹਾਰਟ ਫਾਉਂਡੇਸ਼ਨ
NHS ਸਕ੍ਰੀਨਿੰਗ ਪ੍ਰੋਗਰਾਮ ਤੁਹਾਡੇ ਬਾਰੇ ਨਿੱਜੀ ਤੌਰ ‘ਤੇ ਪਛਾਣ ਕਰਨ ਵਾਲੀ ਜਾਣਕਾਰੀ ਦੀ ਵਰਤੋਂ ਕਰਦੇ ਹਨ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਤੁਹਾਨੂੰ ਸਹੀ ਸਮੇਂ ‘ਤੇ ਸਕ੍ਰੀਨਿੰਗ ਲਈ ਸੱਦਾ ਦਿੱਤਾ ਜਾਵੇ। ਤੁਹਾਡੀ ਜਾਣਕਾਰੀ ਦੀ ਵਰਤੋਂ ਇਹ ਪੱਕਾ ਕਰਨ ਲਈ ਵੀ ਕੀਤੀ ਜਾਂਦੀ ਹੈ ਕਿ ਤੁਹਾਨੂੰ ਉੱਚ ਗੁਣਵੱਤਾ ਵਾਲੀ ਦੇਖਭਾਲ ਪ੍ਰਾਪਤ ਹੋਵੇ। ਤੁਹਾਡੀ ਜਾਣਕਾਰੀ ਕਿਵੇਂ ਵਰਤੀ ਅਤੇ ਸੁਰੱਖਿਅਤ ਕੀਤੀ ਜਾਂਦੀ ਹੈ, ਅਤੇ ਤੁਹਾਡੀਆਂ ਚੋਣਾਂ ਬਾਰੇ ਵਧੇਰੇ ਜਾਣਕਾਰੀ ਲਵੋ.
ਪਤਾ ਕਰੋ ਕਿ ਸਕ੍ਰੀਨਿੰਗ ਤੋਂ ਬਾਹਰ ਹੋਣ ਦੀ ਚੋਣ ਕਿਵੇਂ ਕਰਨੀ ਹੈ।