ਪ੍ਰਚਾਰ ਸਮੱਗਰੀ

ਨਵਜਾਤ ਬੱਚੇ ਸੁਣਨ ਸ਼ਕਤੀ ਦੀ ਜਾਂਚ: ਆਡੀਓਲੋਜੀ ਕਲਿਨਿਕ ਵਿੱਚ ਤੁਹਾਡੇ ਬੱਚੇ ਦੀ ਮੁਲਾਕਾਤ

ਅੱਪਡੇਟ ਕੀਤਾ 2 ਦਸੰਬਰ 2021

ਪਬਲਿਕ ਹੈਲਥ ਇੰਗਲੈਂਡ (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋਂ ਤਿਆਰ ਕੀਤੀ ਹੈ। ਇਸ ਜਾਣਕਾਰੀ ਵਿੱਚ, ਸ਼ਬਦ ‘ਅਸੀਂ’ ਦਾ ਮਤਲਬ ਉਸ NHS ਸੇਵਾ ਤੋਂ ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ।


ਇਹ ਕਿਤਾਬਚਾ ਇਸ ਬਾਰੇ ਵਿਆਖਿਆ ਕਰਦਾ ਹੈ ਕਿ ਤੁਹਾਡੇ ਬੱਚੇ ਨੂੰ ਹੋਰ ਟੈਸਟਾਂ ਲਈ ਆਡੀਓਲੋਜੀ ਕਲਿਨਿਕ ਵਿਖੇ ਕਿਸੇ ਆਡੀਓਲੋਜਿਸਟ ਨੂੰ ਦਿਖਾਉਣ ਦੀ ਲੋੜ ਕਿਉਂ ਹੈ ਅਤੇ ਉਹਨਾਂ ਟੈਸਟਾਂ ਵਿੱਚ ਕੀ ਸ਼ਾਮਲ ਹੁੰਦਾ ਹੈ। ਆਡੀਓਲੋਜਿਸਟ ਇੱਕ ਸਿਹਤ ਪੇਸ਼ੇਵਰ ਹੁੰਦਾ ਹੈ ਜੋ ਸੁਣਨ ਸਬੰਧੀ ਮਾਮਲਿਆਂ ਵਿੱਚ ਮਾਹਰ ਹੁੰਦਾ ਹੈ।

animation

1. ਆਡੀਓਲੋਜੀ ਕਲਿਨਿਕ ਵਿੱਚ ਤੁਹਾਡੇ ਬੱਚੇ ਦੀ ਮੁਲਾਕਾਤ

ਆਡੀਓਲੋਜੀ ਕਲਿਨਿਕਾਂ ਵਿੱਚ ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਦੀ ਜਾਂਚ ਕਰਨ ਲਈ ਵਿਸ਼ੇਸ਼ ਉਪਕਰਣ ਹੁੰਦਾ ਹੈ। ਇਹ ਟੈਸਟ ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਸਬੰਧੀ ਬਿਹਤਰ ਜਾਣਕਾਰੀ ਦੇਣਗੇ।

ਸ਼ੁਰੂਆਤੀ ਜਾਂਚ ਦਾ ਅਰਥ ਹੈ ਕਿ ਜਦੋਂ ਤੁਹਾਡਾ ਬੱਚਾ ਅਜੇ ਬਹੁਤ ਛੋਟਾ ਹੁੰਦਾ ਹੈ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਕੀ ਉਸਦੀ ਸੁਣਨ-ਸ਼ਕਤੀ ਕਮਜ਼ੋਰ ਹੈ। ਇਹ ਭਵਿੱਖ ਵਿੱਚ ਉਸਦੇ ਵਿਕਾਸ ਲਈ ਬਹੁਤ ਅਹਿਮ ਹੁੰਦਾ ਹੈ।

ਤੁਹਾਡੇ ਬੱਚੇ ਨੂੰ ਹੋਰ ਟੈਸਟਾਂ ਦੀ ਲੋੜ ਹੈ ਕਿਉਂਕਿ ਉਸਦੇ ਸੁਣਨ-ਸ਼ਕਤੀ ਦੇ ਸਕ੍ਰੀਨਿੰਗ ਟੈਸਟਾਂ ਨੇ ਇੱਕ ਜਾਂ ਦੋਵੇਂ ਕੰਨਾਂ ਵਿੱਚ ਸਪਸ਼ਟ ਪ੍ਰਤਿਕਿਰਿਆ ਨਹੀਂ ਦਿਖਾਈ। ਹਰੇਕ 100 ਬੱਚਿਆਂ ਵਿੱਚੋਂ ਲਗਭਗ 2 ਤੋਂ 3 ਬੱਚੇ ਸਪਸ਼ਟ ਪ੍ਰਤਿਕਿਰਿਆ ਨਹੀਂ ਦਿਖਾਉਂਦੇ ਅਤੇ ਉਹਨਾਂ ਨੂੰ ਆਡੀਓਲੋਜੀ ਵਿੱਚ ਭੇਜਿਆ ਜਾਂਦਾ ਹੈ।

ਆਡੀਓਲੋਜੀ ਕਲਿਨਿਕ ਵਿੱਚ ਜਾਂਚ ਕੀਤੇ ਜਾਂਦੇ ਜ਼ਿਆਦਾਤਰ ਬੱਚਿਆਂ ਦੀ ਸੁਣਨ-ਸ਼ਕਤੀ ਤਸੱਲੀਬਖਸ਼ ਪਾਈ ਜਾਂਦੀ ਹੈ।

ਆਡੀਓਲੋਜੀ ਵਿਭਾਗ ਵਿੱਚ ਜਾਂਚ ਕੀਤੇ ਜਾਂਦੇ 15 ਵਿੱਚੋਂ ਲਗਭਗ 1 ਬੱਚੇ ਦੇ ਇੱਕ ਜਾਂ ਦੋਵੇਂ ਕੰਨਾਂ ਵਿੱਚ ਸੁਣਨ-ਸ਼ਕਤੀ ਸਥਾਈ ਤੌਰ ‘ਤੇ ਕਮਜ਼ੋਰ ਹੁੰਦੀ ਹੈ। ਕੁਝ ਬੱਚਿਆਂ ਦੀ ਸੁਣਨ-ਸ਼ਕਤੀ ਅਸਥਾਈ ਤੌਰ ‘ਤੇ ਕਮਜ਼ੋਰ ਹੁੰਦੀ ਹੈ। ਸੁਣਨ ਸ਼ਕਤੀ ਵਿੱਚ ਕਮਜ਼ੋਰੀ ਬਾਰੇ ਜਲਦੀ ਪਤਾ ਲਗਾਉਣ ਨਾਲ ਬੱਚਿਆਂ ਨੂੰ ਭਾਸ਼ਾ, ਬੋਲੀ ਅਤੇ ਸੰਚਾਰ ਦੇ ਹੁਨਰ ਨੂੰ ਵਿਕਸਿਤ ਕਰਨ ਦਾ ਬਿਹਤਰ ਮੌਕਾ ਮਿਲਦਾ ਹੈ ਅਤੇ ਨਾਲ ਹੀ ਇਹ ਪੱਕਾ ਹੁੰਦਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਉਹ ਸਹਾਇਤਾ ਮਿਲੇ ਜਿਸਦੀ ਉਹਨਾਂ ਨੂੰ ਲੋੜ ਹੈ।

ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਅਪਾਇੰਟਮੈਂਟ ‘ਤੇ ਲਿਆਓ। ਇਹ ਇਸ ਲਈ ਹੈ ਕਿਉਂਕਿ ਜੇ ਉਹਨਾਂ ਦੀ ਸੁਣਨ ਸ਼ਕਤੀ ਕਮਜ਼ੋਰ ਹੈ, ਤਾਂ ਉਹਨਾਂ ਨੂੰ ਕਿਸੇ ਸੰਭਾਵੀ ਕਾਰਨ ਦਾ ਪਤਾ ਲਗਾਉਣ ਲਈ ਹੋਰ ਟੈਸਟਾਂ ਦੀ ਲੋੜ ਪੈ ਸਕਦੀ ਹੈ। ਇਹ ਟੈਸਟ ਜਨਮ ਦੇ ਪਹਿਲੇ ਕੁਝ ਹਫ਼ਤਿਆਂ ਦੇ ਅੰਦਰ ਕੀਤੇ ਜਾਣੇ ਚਾਹੀਦੇ ਹਨ।

ਕੁਝ ਬੱਚੇ ਜਿਨ੍ਹਾਂ ਦੀ ਸੁਣਨ-ਸ਼ਕਤੀ ਕਮਜ਼ੋਰ ਹੁੰਦੀ ਹੈ ਉਹ ਆਵਾਜ਼ਾਂ ‘ਤੇ ਪ੍ਰਤਿਕਿਰਿਆ ਪ੍ਰਗਟ ਕਰਦੇ ਹਨ। ਹੋ ਸਕਦਾ ਹੈ ਕਿ ਸੁਣਨ ਸ਼ਕਤੀ ਦੀ ਕਮਜ਼ੋਰੀ ਦਾ ਆਡਿਓਲੋਜੀ ਦੇ ਟੈਸਟਾਂ ਦੇ ਬਿਨਾਂ ਪਤਾ ਨਾ ਲਗਾਇਆ ਜਾ ਸਕੇ।

ਜੇ ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਕਮਜ਼ੋਰ ਹੈ, ਤਾਂ ਇਹ ਮਹੱਤਵਪੂਰਨ ਹੈ ਕਿ ਇਸ ਬਾਰੇ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ।

2. ਕਲਿਨਿਕ ਵਿੱਚ ਕੀ ਹੁੰਦਾ ਹੈ

ਅਪਾਇੰਟਮੈਂਟ ਵਿੱਚ ਆਮ ਤੌਰ ‘ਤੇ ਲਗਭਗ 1 ਤੋਂ 2 ਘੰਟੇ ਲੱਗਣਗੇ। ਇਸ ਵਿੱਚ ਤੁਹਾਡੇ ਬੱਚੇ ਨੂੰ ਸ਼ਾਂਤ ਕਰਨ ਦਾ ਸਮਾਂ ਸ਼ਾਮਲ ਹੁੰਦਾ ਹੈ। ਟੈਸਟ ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਬਾਰੇ ਜ਼ਿਆਦਾ ਵਿਸਤਾਰ ਵਿੱਚ ਜਾਣਕਾਰੀ ਦਿੰਦੇ ਹਨ। ਉਹ ਨੁਕਸਾਨ ਨਹੀਂ ਪਹੁੰਚਾਉਣਗੇ ਜਾਂ ਤੁਹਾਡੇ ਬੱਚੇ ਲਈ ਅਸੁਵਿਧਾਜਨਕ ਨਹੀਂ ਹੋਣਗੇ। ਤੁਹਾਡੇ ਬੱਚੇ ਦੀ ਜਾਂਚ ਕੀਤੇ ਜਾਣ ਸਮੇਂ ਤੁਸੀਂ ਉਸਦੇ ਨਾਲ ਰਹਿ ਸਕਦੇ ਹੋ।

ਆਡੀਓਲੋਜਿਸਟ ਓਟੋਆਕੌਸਟਿਕ ਇਮਿਸ਼ਨ (OAE) ਟੈਸਟ ਦੀ ਵਰਤੋਂ ਕਰ ਸਕਦਾ ਹੈ। ਇਸ ਵਿੱਚ ਤੁਹਾਡੇ ਬੱਚੇ ਦੇ ਕੰਨ ਦੇ ਬਾਹਰੀ ਹਿੱਸੇ ਵਿੱਚ ਇੱਕ ਛੋਟਾ ਜਿਹਾ ਨਰਮ-ਸਿਰੇ ਵਾਲਾ ਈਅਰਪੀਸ ਪਾਉਣਾ ਸ਼ਾਮਲ ਹੁੰਦਾ ਹੈ। ਈਅਰਪੀਸ ਕੰਨ ਅੰਦਰ ਕਲਿਕਿੰਗ ਦੀ ਆਵਾਜ਼ ਭੇਜਦਾ ਹੈ।

ਕੋਕਲੀਆ ਵੱਜੋਂ ਜਾਣਿਆ ਜਾਂਦਾ ਕੰਨ ਦਾ ਇਹ ਅੰਦਰੂਨੀ ਹਿੱਸਾ, ਆਮ ਤੌਰ ਉਸ ਸਮੇਂ ਪ੍ਰਤਿਕਿਰਿਆ ਪੈਦਾ ਕਰਦਾ ਹੈ ਜਦੋਂ ਇਸ ਤੱਕ ਆਵਾਜ਼ ਪਹੁੰਚਦੀ ਹੈ। ਜਾਂਚ ਉਪਕਰਣ ਇਸ ਪ੍ਰਤਿਕਿਰਿਆ ਦਾ ਪਤਾ ਲਗਾ ਸਕਦਾ ਹੈ।

ਉਹ ਆਡੀਟਰੀ ਬ੍ਰੇਨਸਟੈਮ ਰਿਸਪੌਂਸ (ABR) ਟੈਸਟ ਦੀ ਵੀ ਵਰਤੋਂ ਕਰ ਸਕਦੇ ਹਨ। ਇਸ ਵਿੱਚ ਤੁਹਾਡੇ ਬੱਚੇ ‘ਤੇ ਛੋਟੇ ਸੈਂਸਰ ਰੱਖਣਾ ਸ਼ਾਮਲ ਹੁੰਦਾ ਹੈ।

ਤੁਹਾਡੇ ਬੱਚੇ ਦੇ ਕੰਨ ਵਿੱਚ ਵੱਖ-ਵੱਖ ਆਵ੍ਰਿਤੀਆਂ ‘ਤੇ ਅਵਾਜ਼ਾਂ ਸੁਣਾਈਆਂ ਜਾਂਦੀਆਂ ਹਨ। ਕੰਪਿਊਟਰ ਪ੍ਰਤਿਕਿਰਿਆ ਨੂੰ ਰਿਕਾਰਡ ਕਰਦਾ ਹੈ ਤਾਂ ਜੋ ਆਡੀਓਲੋਜਿਸਟ ਨਾਪ ਸਕੇ ਕਿ ਤੁਹਾਡੇ ਬੱਚੇ ਦੇ ਕੰਨ ਕਿੰਨੀ ਚੰਗੀ ਤਰ੍ਹਾਂ ਪ੍ਰਤਿਕਿਰਿਆ ਕਰਦੇ ਹਨ।

ਤੁਹਾਡਾ ਆਡੀਓਲੋਜਿਸਟ ਤੁਹਾਨੂੰ ਇਹ ਦੱਸੇਗਾ ਕਿ ਨਤੀਜੇ ਦਾ ਕੀ ਅਰਥ ਹੈ ਅਤੇ ਕੀ ਤੁਹਾਡੇ ਬੱਚੇ ਨੂੰ ਹੋਰ ਅਪਾਇੰਟਮੈਂਟਾਂ ਦੀ ਲੋੜ ਹੈ।

3. ਸੰਭਾਵੀ ਨਤੀਜੇ

ਜੇ ਟੈਸਟ ਸੁਣਨ-ਸ਼ਕਤੀ ਵਿੱਚ ਕਮਜ਼ੋਰੀ ਦਿਖਾਉਂਦੇ ਹਨ, ਤਾਂ ਤੁਹਾਡਾ ਆਡੀਓਲੋਜਿਸਟ ਦੱਸੇਗਾ ਕਿ ਨਤੀਜਿਆਂ ਦਾ ਕੀ ਅਰਥ ਹੈ। ਸੁਣਨ-ਸ਼ਕਤੀ ਵਿੱਚ ਕਮਜ਼ੋਰੀ ਦੀ ਮਾਤਰਾ ਅਤੇ ਕਿਸਮ ਨੂੰ ਨਾਪਣ ਲਈ ਤੁਹਾਡੇ ਬੱਚੇ ਨੂੰ ਹੋਰ ਟੈਸਟਾਂ ਦੀ ਲੋੜ ਪੈ ਸਕਦੀ ਹੈ।

ਟੈਸਟਾਂ ਦੇ ਨਤੀਜੇ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਸਹੀ ਸਹਾਇਤਾ ਅਤੇ ਜਾਣਕਾਰੀ ਦੇਣ ਵਿੱਚ ਆਡੀਓਲੋਜਿਸਟ ਦੀ ਸਹਾਇਤਾ ਕਰਨਗੇ।

ਜੇ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਤਸੱਲੀਬਖਸ਼ ਹੈ, ਤਾਂ ਇਸ ਦਾ ਅਰਥ ਹੈ ਕਿ ਉਹਨਾਂ ਦੀ ਸੁਣਨ-ਸ਼ਕਤੀ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਨਹੀਂ ਹੈ। ਪਰ ਬਾਅਦ ਵਿੱਚ ਬੱਚਿਆਂ ਦੀ ਸੁਣਨ-ਸ਼ਕਤੀ ਕਮਜ਼ੋਰ ਹੋ ਸਕਦੀ ਹੈ, ਇਸ ਲਈ ਜਿਵੇਂ-ਜਿਵੇਂ ਉਹ ਵੱਡੇ ਹੁੰਦੇ ਹਨ ਉਹਨਾਂ ਦੀ ਸੁਣਨ ਸ਼ਕਤੀ ਦੀ ਜਾਂਚ ਕਰਨਾ ਮਹੱਤਵਪੂਰਨ ਹੁੰਦਾ ਹੈ।

ਤੁਹਾਡੇ ਬੱਚੇ ਦੀ ਸਿਹਤ ਦਾ ਰਿਕਾਰਡ ਰੱਖਣ ਵਾਲੀ ਨਿੱਜੀ ਕਿਤਾਬ ਵਿੱਚ ਉਹਨਾਂ ਆਵਾਜ਼ਾਂ ਦੀਆਂ ਜਾਂਚ-ਸੂਚੀਆਂ ਸ਼ਾਮਲ ਹੁੰਦੀਆਂ ਹਨ ਜਿਨ੍ਹਾਂ ਪ੍ਰਤੀ ਬੱਚੇ ਨੂੰ ਪ੍ਰਤਿਕਿਰਿਆ ਪ੍ਰਗਟਾਉਣੀ ਚਾਹੀਦੀ ਹੈ ਅਤੇ ਉਹਨਾਂ ਅਵਾਜ਼ਾਂ ਦੀਆਂ ਵੀ ਜਿਨ੍ਹਾਂ ਪ੍ਰਤੀ ਉਹਨਾਂ ਨੂੰ ਵੱਡੇ ਹੋਣ ‘ਤੇ ਪ੍ਰਤਿਕਿਰਿਆ ਪ੍ਰਗਟਾਉਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਚਿੰਤਾਵਾਂ ਹੋਣ ਤਾਂ ਤੁਹਾਨੂੰ ਇਹਨਾਂ ਬਾਰੇ ਆਪਣੇ ਹੈਲਥ ਵਿਜ਼ਿਟਰ ਜਾਂ ਜੀਪੀ ਨਾਲ ਗੱਲ ਕਰਨੀ ਚਾਹੀਦੀ ਹੈ। ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਦੀ ਕਿਸੇ ਵੀ ਉਮਰ ‘ਤੇ ਦੁਬਾਰਾ ਜਾਂਚ ਕੀਤੀ ਜਾ ਸਕਦੀ ਹੈ।

4. ਵਧੇਰੇ ਜਾਣਕਾਰੀ

ਤੁਸੀਂ ਉਸ ਆਡਿਓਲੋਜੀ ਡਿਪਾਰਟਮੈਂਟ ਨਾਲ ਸੰਪਰਕ ਕਰ ਸਕਦੇ ਹੋ ਜੋ ਟੈਸਟ ਕਰੇਗਾ। ਤੁਸੀਂ ਆਪਣੀ ਸੁਣਨ ਸੰਬੰਧੀ ਸਕ੍ਰੀਨਿੰਗ ਟੀਮ, ਹੈਲਥ ਵਿਜ਼ਿਟਰ, ਮਿਡਵਾਈਫ ਜਾਂ ਜੀਪੀ ਨਾਲ ਵੀ ਗੱਲ ਕਰ ਸਕਦੇ ਹੋ।

ਜੇ ਤੁਹਾਨੂੰ ਦਿੱਤਾ ਗਿਆ ਅਪਾਇੰਟਮੈਂਟ ਦਾ ਸਮਾਂ ਸਹੂਲਤ ਭਰਿਆ ਨਹੀਂ ਹੈ, ਤਾਂ ਕਿਰਪਾ ਕਰਕੇ ਦੁਬਾਰਾ ਪ੍ਰਬੰਧ ਕਰਨ ਲਈ ਟੈਲੀਫੋਨ ਕਰੋ। ਕਿਉਂਕਿ ਤੁਸੀਂ ਕੁਝ ਸਮੇਂ ਲਈ ਆਡੀਓਲੌਜੀ ਕਲੀਨਿਕ ਵਿੱਚ ਹੋ ਸਕਦੇ ਹੋ, ਕਿਰਪਾ ਕਰਕੇ ਇਹ ਪੱਕਾ ਕਰੋ ਕਿ ਤੁਹਾਡੇ ਕੋਲ ਤੁਹਾਡੇ ਬੱਚੇ ਲਈ ਕਾਫ਼ੀ ਨੈਪੀਆਂ ਅਤੇ ਭੋਜਨ ਹੈ। ਤੁਸੀਂ ਕਿਸੇ ਨੂੰ ਆਪਣੇ ਨਾਲ ਲਿਆਉਣਾ ਵੀ ਚਾਹ ਸਕਦੇ ਹੋ।

NHS ਦੀ ਵੈੱਬਸਾਈਟ ‘ਤੇ ਨਵਜੰਮੇ ਬੱਚੇ ਦੀ ਸੁਣਨ ਸ਼ਕਤੀ ਬਾਰੇ ਹੋਰ ਪੜ੍ਹੋ।

ਨੈਸ਼ਨਲ ਡੈਫ਼ ਚਿਲਡ੍ਰਨਜ਼ ਸੋਸਾਇਟੀ ਨਾਲ ਸੰਪਰਕ ਕਰੋ:

  • ਫ੍ਰੀਫੋਨ ਹੈਲਪਲਾਈਨ: 0808 800 8880 (ਸਵੇਰੇ 10 ਤੋਂ ਸ਼ਾਮ 5 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ)
  • ਈਮੇਲ [email protected]
  • www.ndcs.org.uk ‘ਤੇ ਜਾਓ

NHS ਸਕ੍ਰੀਨਿੰਗ ਪ੍ਰੋਗਰਾਮ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਹਨ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਤੁਹਾਨੂੰ ਸਹੀ ਸਮੇਂ ‘ਤੇ ਸਕ੍ਰੀਨਿੰਗ ਲਈ ਸੱਦਾ ਦਿੱਤਾ ਜਾਵੇ। ਪਬਲਿਕ ਹੈਲਥ ਇੰਗਲੈਂਡ ਤੁਹਾਡੀ ਜਾਣਕਾਰੀ ਦੀ ਵਰਤੋਂ ਇਹ ਪੱਕਾ ਕਰਨ ਲਈ ਵੀ ਲਈ ਕਰਦਾ ਹੈ ਕਿ ਤੁਹਾਨੂੰ ਉੱਚ ਗੁਣਵੱਤਾ ਵਾਲੀ ਦੇਖਭਾਲ ਪ੍ਰਾਪਤ ਹੋਵੇ। ਤੁਸੀਂ ਇਸ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਕਿ ਤੁਹਾਡੀ ਜਾਣਕਾਰੀ ਕਿਵੇਂ ਵਰਤੀ ਅਤੇ ਸੁਰੱਖਿਅਤ ਕੀਤੀ ਜਾਂਦੀ ਹੈ, ਅਤੇ ਤੁਹਾਡੀਆਂ ਚੋਣਾਂ ਕੀ ਹਨ

ਇਸ ਲੀਫਲੈਟ ਦੇ ਬ੍ਰੇਲ ਵਰਜ਼ਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਨਵਜੰਮੇ ਬੱਚੇ ਦੀ ਸੁਣਨ ਸ਼ਕਤੀ ਦੀ ਜਾਂਚ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ।